October 30, 2026

ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਵੇਟਲਿਫਟਿੰਗ ਮੁਕਾਬਲੇ ਵਿੱਚ ਮਾਰੀਆਂ ਮੱਲਾਂ

0
IMG-20261029-WA0005

ਬੀਜਾ / ਖੰਨਾ, 29 ਅਕਤੂਬਰ ( ਪ੍ਰੋਫੈਸਰ ਅਵਤਾਰ ਸਿੰਘ ):-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਵਿਦਿਆਰਥੀਆਂ ਨੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਵਿਦਿਆਰਥੀਆਂ ਦੀਆਂ ਇਨ੍ਹਾਂ ਖੇਡ ਪ੍ਰਾਪਤੀਆਂ ਨਾਲ ਕਾਲਜ ਵਿੱਚ ਖੁਸ਼ੀ ਦੀ ਲਹਿਰ ਹੈ।

ਜ਼ਿਕਰਯੋਗ ਹੈ ਕਿ ਕਾਲਜ ਦੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਜਸਬੀਰ ਸਿੰਘ ਨੇ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ਾ ਜਿੱਤਿਆ। ਇਹ ਮੁਕਾਬਲਾ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਤੋਂ ਇਲਾਵਾ, ਜਸਬੀਰ ਸਿੰਘ ਨੇ 17 ਤੋਂ 23 ਅਕਤੂਬਰ 2026 ਤੱਕ ਸੁਨਾਮ ਵਿਖੇ ਹੋਏ ਸਟੇਟ ਪੱਧਰੀ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਇਸੇ ਤਰ੍ਹਾਂ, ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਸੁਨੀਲ ਕੁਮਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗ਼ਾ ਜਿੱਤਿਆ। ਇਹ ਮੁਕਾਬਲੇ 1 ਅਕਤੂਬਰ 2026 ਨੂੰ ਕਰਵਾਏ ਗਏ।
ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਰੀਰਕ ਤੰਦਰੁਸਤੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਕਾਲਜ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *

Instagram
Telegram
WhatsApp